ਮਾਮਲਾ ਰੁਜਗਾਰ ਮੰਗਦੇ ਅਪਰੈਂਟਸ਼ਿਪ ਲਾਈਨਮੈਨਾ 'ਤੇ ਅੰਨਾ ਲਾਠੀਚਾਰਜ ਅਤੇ ਗਿ੍ਫਤਾਰੀਆਂ ਦਾ
ਨੌਜਵਾਨਾਂ ਨੂੰ ਤੁਰੰਤ ਰੁਜਗਾਰ ਦਿੱਤਾ ਜਾਏ, ਨਹੀਂ ਤਾਂ ਕਰਾਂਗੇ ਤਿੱਖਾ ਸੰਘਰਸ਼ - ਬਾਸਰਕੇ, ਅਕਾਲਗੜ੍ਹ
ਲੁਧਿਆਣਾ 6 ਜੂਨ (ਹਰਸ਼ਦੀਪ ਸਿੰਘ ਮਹਿਦੂਦਾਂ, ਸੁਰਿੰਦਰ ਸ਼ਿੰਦਾ) ਪੀਐਸਈਬੀ ਇੰਪਲਾਈਜ ਫੈਡਰੇਸ਼ਨ ਏਟਕ ਦੀ ਸੂਬਾ ਪੱਧਰੀ ਐਮਰਜੈਂਸੀ ਮੀਟਿੰਗ ਲੁਧਿਆਣਾ ਦੇ ਇਸੜੂ ਭਵਨ ਵਿਖੇ ਹੋਈ ਜਿਸ ਵਿੱਚ 2600 ਅਪਰੈਂਟਸ਼ਿਪ ਲਾਈਨਮੈਨਾ ਦੁਆਰਾ ਪਟਿਆਲਾ ਮੁੱਖ ਦਫ਼ਤਰ ਦੇ ਬਾਹਰ ਲਗਾਏ ਸ਼ਾਂਤਮਈ ਧਰਨੇ ਨੂੰ ਜਬਰੀ ਚੁੱਕਵਾਉਣ ਲਈ ਅਪਰੈਂਟਸ਼ਿਪ ਲਾਈਨਮੈਨਾ ਉੱਤੇ ਕੀਤੇ ਅੰਨੇ ਤਸ਼ੱਦਦ ਅਤੇ 11 ਜਾਣਿਆ ਦੀ ਕੀਤੀ ਗਿ੍ਫ਼ਤਾਰੀ ਦੀ ਨਿੰਦਾ ਕੀਤੀ ਗਈ। ਮੀਟਿੰਗ ਉਪਰੰਤ ਰੋਸ ਜਾਹਰ ਕਰਦਿਆਂ ਮੁੱਖ ਮੰਤਰੀ ਅਤੇ ਸੀਐਮਡੀ ਦਾ ਪੁਤਲਾ ਫੂਕਿਆ ਗਿਆ। ਹੋਈ ਮੀਟਿੰਗ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸੂਬਾ ਪ੍ਰਧਾਨ ਮਨਜੀਤ ਸਿੰਘ ਬਾਸਰਕੇ ਤੇ ਜਨਰਲ ਸਕੱਤਰ ਹਰਵਿੰਦਰ ਸਿੰਘ ਅਕਾਲਗੜ੍ਹ ਨੇ ਦੱਸਿਆ ਕਿ 14 ਜੂਨ ਨੂੰ ਮੁੱਖ ਮੰਤਰੀ ਦੀ ਸੰਗਰੂਰ ਰਿਹਾਇਸ਼ ਉੱਤੇ ਰੋਸ ਮਾਰਚ ਕਰਨ ਦੇ ਦਿੱਤੇ ਸਖਤ ਪ੍ਰੋਗਰਾਮ ਨੂੰ ਸਫਲ ਬਣਾਉਣ ਅਤੇ ਇਸਤੋਂ ਬਾਅਦ 16 ਤੇ 17 ਜੂਨ ਦੀ ਸਮੂਹਿਕ ਹੜਤਾਲ ਸਬੰਧੀ ਵਿਚਾਰਾਂ ਹੋਈਆ। ਕੱਲ ਅਪਰੈਂਟਸ਼ਿਪ ਲਾਈਨਮੈਨਾ ਉੱਤੇ ਪੁਲਿਸ ਵੱਲੋਂ ਕੀਤੇ ਅੰਨੇ ਤਸ਼ੱਦਦ ਅਤੇ ਗਿ੍ਫਤਾਰੀਆਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸਦੀ ਸਖਤ ਸ਼ਬਦਾਂ ਚ ਨਿੰਦਾ ਕਰਦੇ ਹੋਏ ਮੁੱਖ ਮੰਤਰੀ ਅਤੇ ਸੀਐਮਡੀ ਦੀ ਅਰਥੀ ਫੂਕੀ ਗਈ। ਉਨ੍ਹਾਂ ਕਿਹਾ ਕਿ ਭਾਵੇਂ ਪੰਜਾਬ ਭਰ ਚੋਂ ਉੱਠੇ ਮੁਲਾਜ਼ਮ ਰੋਹ ਦੇ ਚੱਲਦਿਆਂ ਗਿ੍ਫਤਾਰ ਕੀਤੇ 11 ਨੌਜਵਾਨ ਰਿਹਾ ਕਰ ਦਿੱਤੇ ਗਏ ਹਨ ਪਰ ਪੀਐਸਈਬੀ ਇੰਪਲਾਈਜ ਫੈਡਰੇਸ਼ਨ ਏਟਕ ਮੰਗ ਕਰਦੀ ਹੈ ਕਿ ਏਨਾ ਦੇ 9 ਮਾਰਚ ਤੋਂ 27 ਮਾਰਚ ਤੱਕ ਚੱਲੇ ਸੰਘਰਸ਼ ਦੌਰਾਨ ਏਨਾ ਨਾਲ ਹੋਏ ਸਮਝੌਤੇ ਤਹਿਤ ਏਨਾ ਨੂੰ ਮਹਿਕਮੇ ਵਿੱਚ ਲਿਆ ਜਾਵੇ। ਜੇਕਰ ਏਨਾ ਨੌਜਵਾਨਾਂ ਨੂੰ ਤੁਰੰਤ ਰੁਜਗਾਰ ਨਾ ਦਿੱਤਾ ਤਾਂ ਬਿਜਲੀ ਏਕਤਾ ਮੰਚ ਅਤੇ ਜੁਆਇੰਟ ਫੋਰਮ ਵੱਲੋਂ ਸਾਂਝੀ ਰਣਨੀਤੀ ਤਹਿਤ ਏਨਾ ਨੌਜਵਾਨਾਂ ਲਈ ਤਿੱਖਾ ਸੰਘਰਸ਼ ਕੀਤਾ ਜਾਏਗਾ ਜਿਸ ਵਿੱਚੋਂ ਨਿਕਲਣ ਵਾਲੇ ਸਿੱਟਿਆਂ ਦੀ ਜਿੰਮੇਵਾਰ ਪੰਜਾਬ ਸਰਕਾਰ ਤੇ ਬਿਜਲੀ ਨਿਗਮ ਦੀ ਮੈਨੇਜਮੈਂਟ ਹੋਏਗੀ। ਉਨ੍ਹਾਂ ਕਿਹਾ ਕਿ ਸਮੱਰਥਨ ਵਜੋਂ ਪੀਐਸਈਬੀ ਇੰਪਲਾਈਜ ਫੈਡਰੇਸ਼ਨ ਏਟਕ ਜਲਦ ਏਨਾ ਦੇ ਧਰਨੇ ਵਿੱਚ ਸ਼ਮੂਲੀਅਤ ਵੀ ਕਰੇਗੀ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਰਾਕੇਸ਼ ਸੈਣੀ, ਜਸਵਿੰਦਰ ਸਿੰਘ ਬਰਗਾੜੀ, ਕੁਲਵਿੰਦਰ ਸਿੰਘ ਬਾਗੜੀਆ, ਅਰੁਣ ਕੁਮਾਰ ਸਾਰੇ ਮੀਤ ਪ੍ਰਧਾਨ, ਗੁਰਪ੍ਰੀਤ ਸਿੰਘ ਮਹਿਦੂਦਾਂ ਸਕੱਤਰ, ਦਵਿੰਦਰ ਸਿੰਘ ਖਜਾਨਚੀ, ਮਨਿੰਦਰ ਸਿੰਘ ਸਹਾਇਕ ਖਜਾਨਚੀ ਤੋਂ ਇਲਾਵਾ ਸਾਰੇ ਸਰਕਲਾਂ ਦੇ ਪ੍ਰਧਾਨ, ਸਕੱਤਰ ਅਤੇ ਖਜਾਨਚੀ ਹਾਜਰ ਸਨ।



No comments
Post a Comment